ਬਠਿੰਡਾ ਵਿਖੇ ਸਥਿਤ ਮਸਹੂਰ ਫੋਜੀ ਚੌਕ ਤੇ ਲੱਗੇ ਸ਼ਹੀਦ ਜਮਾਂਦਾਰ (ਨਾਇਬ ਸੂਬੇਦਾਰ) ਨੰਦ ਸਿੰਘ ਬਾਰੇ ....!
ਲੇਖਕ - ਬ੍ਰਿਗੇਡੀਅਰ ਕੁਲਦੀਪ ਸਿੰਘ ਕਾਹਲੋਂ
ਸ਼ਹੀਦ ਜਮਾਂਦਾਰ (ਨਾਇਬ ਸੂਬੇਦਾਰ) ਨੰਦ ਸਿੰਘ ਭਾਰਤੀ ਫੌਜ ਦਾ ਸਿਰਫ ਇੱਕੋ ਇੱਕ ਅਤੇ ਨਿਵੇਕਲਾ ਐਸਾ ਸੈਨਿਕ ਯੋਧਾ ਹੋਇਆ ਹੈ, ਜਿਸ ਨੂੰ ‘ਵਿਕਟੋਰੀਆ ਕ੍ਰਾਸ’ ਅਤੇ ‘ਮਹਾਂਵੀਰ ਚੱਕਰ’ ਨਾਲ ਸਨਮਾਨਿਤ ਕੀਤਾ ਗਿਆ । ਨੰਦ ਸਿੰਘ ਨੇ ਸੰਨ 1915 ਵਿਚ ਸ. ਭਾਗ ਸਿੰਘ ਦੇ ਘਰ ਪਿੰਡ ਬਹਾਦਰਪੁਰ (ਬਠਿੰਡਾ) ਵਿਖੇ ਜਨਮ ਲਿਆ ਅਤੇ 24 ਮਾਰਚ, 1933 ਨੂੰ ਫੌਜ ਵਿਚ ਭਰਤੀ ਹੋ ਗਏ । ਦੂਸਰੇ ਵਿਸ਼ਵ ਯੁੱਧ ਦੌਰਾਨ ਜਦੋਂ 11 ਮਾਰਚ, 1944 ਦੀ ਰਾਤ ਨੂੰ ਜਪਾਨੀ ਫੌਜ ਨੇ 11 ਸਿੱਖ ਬਟਾਲੀਅਨ (ਬਾਅਦ ਵਿਚ ਫਸਟ ਸਿੱਖ), ਜੋ ਕਿ ਅਰਕਾਨ (ਬਰ੍ਹਮਾ) ਵਿਖੇ ਤਾਇਨਾਤ ਸੀ, ਦੇ ਇਕ ਹਿੱਸੇ ਉੱਪਰ ਧਾਵਾ ਬੋਲ ਦਿੱਤਾ । ਨਾਇਕ ਨੰਦ ਸਿੰਘ, ਜੋ ਕਿ ਸਭ ਤੋਂ ਮੋਹਰਲੇ ਸੈਕਸ਼ਨ ਦੀ ਅਗਵਾਈ ਕਰ ਰਹੇ ਸਨ, ਦੁਸ਼ਮਣ ਨਾਲ ਲੜਦੇ ਹੋਏ ਗੰਭੀਰ ਰੂਪ ਚ ਜਖਮੀ ਹੋ ਗਏ । ਪਰ ਇਸਦੇ ਬਾਵਜੂਦ ਵੀ ਉਹ ਮੌਤ ਨੂੰ ਵੰਗਾਰਦੇ ਹੋਏ ਦੁਸ਼ਮਣ ਨਾਲ ਲੜਦੇ ਰਹੇ ਤੇ ਫਤਿਹ ਹਾਸਿਲ ਕੀਤੀ । ਉਸ ਸਮੇਂ ਦੀ ਹਕੂਮਤ ਨੇ ਨੰਦ ਸਿੰਘ ਨੂੰ ਸਰਵ-ਉੱਤਮ ਬਹਾਦਰੀ, ਸ਼ਹਿਨਸ਼ੀਲਤਾ ਅਤੇ ਦ੍ਰਿੜਤਾ ਬਦਲੇ ਉਸ ਸਮੇਂ ਦਾ ਸਭ ਤੋਂ ਵੱਡਾ ਬਹਾਦਰੀ ਪੁਰਸਕਾਰ “ਵਿਕਟੋਰੀਆ ਕ੍ਰਾਸ” ਨਾਲ ਨਿਵਾਜਿਆ ਗਿਆ ।
ਇਕ ਵਾਰ ਫਿਰ ਜਦੋਂ 12 ਦਸੰਬਰ , 1947 ਨੂੰ 1 ਸਿੱਖ ਬਟਾਲੀਅਨ ਨੂੰ ਭੱਟਗੀਰਾਨ ਉੜੀ ਸਰਕਾਰ ਦੇ ਇਲਾਕੇ ਵਿਚ ਪਾਕਿਸਤਾਨੀ ਰੇਡਰਾਂ ਨੂੰ ਖਦੇੜਨ ਦਾ ਟਾਸਕ ਦਿੱਤਾ ਗਿਆ ਤਾਂ ਦੁਸ਼ਮਣ ਉੱਤੇ ਸਭ ਤੋਂ ਪਹਿਲਾਂ ਹਮਲਾ ਕਰਨ ਦੀ ਜਿੰਮੇਵਾਰੀ ਕਿਸੇ ਹੋਰ ਨੂੰ ਸੌਂਪੀ ਗਈ ਸੀ । ਪਰੰਤੂ ਜਮਾਂਦਾਰ ਨੰਦ ਸਿੰਘ ਨੇ ਬਹੁਤ ਹੱਠ ਕੀਤੀ ਅਤੇ ਵਲੰਟੀਅਰ ਹੋ ਕੇ ਮੈਦਾਨੇ ਜੰਗ ਵਿਚ ਨਿਤਰੇ । ਅਤੇ ਆਖਰੀ ਗੋਲੀ ਤੇ ਆਖਰੀ ਸਾਹ ਤੱਕ ਲੜਦੇ ਹੋਏ ਸ਼ਹੀਦ ਹੋ ਗਏ ।
ਦੁਸ਼ਮਣ ਨੇ ਜਮਾਂਦਾਰ ਨੰਦ ਸਿੰਘ ਦੀ ਵਰਦੀ ਉਪਰ ਲੱਗੇ ਵਿਕਟੋਰੀਆ ਕਰਾਸ ਰੀਬਨ ਨੂੰ ਪਹਿਚਾਣ ਲਿਆ । ਇਹ ਅਤਿਅੰਤ ਸ਼ਰਮਨਾਕ ਘਟਨਾ ਹੈ ਕਿ ਪਾਕਿਸਤਾਨੀ ਜਮਾਂਦਾਰ ਨੰਦ ਸਿੰਘ ਦੀ ਦੇਹ ਨੂੰ ਮੁਜੱਫਰਾਬਾਦ ਲੈ ਗਏ ਅਤੇ ਫਿਰ ਉਸ ਦੇ ਮ੍ਰਿਤਕ ਸਰੀਰ ਨੂੰ ਇਕ ਟਰੱਕ ਪਿੱਛੇ ਬੰਨ੍ਹ ਕੇ ਪੂਰੇ ਸ਼ਹਿਰ ਵਿਚ ਘਸੀਟਿਆ ਗਿਆ । ਪਾਕਿਸਤਾਨੀ ਲਾਊਡ ਸਪੀਕਰ ਤੇ ਇਹ ਕਹਿੰਦੇ ਰਹੇ, “ਇਹੋ ਹਸ਼ਰ ਸਾਰੇ ਹਿੰਦੁਸਤਾਨੀ ਵਿਕਟੋਰੀਆ ਕ੍ਰਾਸ ਵਿਜੇਤਾਵਾਂ ਦਾ ਹੋਵੇਗਾ ।” ਆਖਰ ਸਾਰੀਆਂ ਹੱਦਾਂ ਪਾਰ ਕਰਦਿਆਂ ਜਮਾਂਦਾਰ ਨੰਦ ਸਿੰਘ ਦੀ ਦੇਹ ਨੂੰ ਗੰਦੇ ਨਾਲੇ ਵਿਚ ਸੁੱਟ ਦਿੱਤਾ, ਜੋ ਕਿ ਪਾਕਿਸਤਾਨ ਵੱਲੋਂ ਸਿਰਫ “ਜਨੇਵਾ ਕਨਵੈਨਸ਼ਨ” ਦੀ ਉਲੰਘਣਾ ਹੀ ਨਹੀਂ, ਬਲਕਿ ਇਨਸਾਨੀਅਤ ਉੱਤੇ ਵੀ ਵੱਡਾ ਕਲੰਕ ਹੈ ਜਿਸਨੂੰ ਕਦੇ ਭੁਲਾਇਆ ਨਹੀ ਜਾ ਸਕਦਾ ।
ਵਿਕਟੋਰੀਆ ਕਰਾਸ ਮਿਲਣ ਤੇ ਅੰਗਰੇਜ ਹਕੂਮਤ ਨੇ ਜਮਾਂਦਾਰ ਨੰਦ ਸਿੰਘ ਦੀ ਸੁਪਤਨੀ ਨੂੰ 100 ਬਿਘੇ ਜਮੀਨ ਬਹਾਦਰਪੁਰ ਵਿਖੇ ਉਲਾਟ ਕੀਤੀ ਸੀ । ਬਾਅਦ ਵਿਚ ਜਮਾਂਦਾਰ ਨੰਦ ਸਿੰਘ ਨੂੰ ਮਰਨ ਉਪਰੰਤ ਮਹਾਂਵੀਰ ਚੱਕਰ ਮਿਲਣ ਤੇ ਪੰਜਾਬ ਸਰਕਾਰ ਨੇ 50 ਬਿਘੇ ਜਮੀਨ ਸੰਗਰੂਰ ਜਿਲੇ ਸ੍ਰੀਮਤੀ ਜੋਗਿੰਦਰ ਕੌਰ (ਸੁਪਤਨੀ ਜਮਾਂਦਾਰ ਨੰਦ ਸਿੰਘ) ਨੂੰ ਦਿੱਤੀ ਅਤੇ ਬਠਿੰਡਾ ਵਿਖੇ ਇਸ ਮਹਾਨ ਸ਼ਹੀਦ ਦਾ ਬੁੱਤ ਵੀ ਸਥਾਪਤ ਕੀਤਾ ਗਿਆ
ਕਿਉ ਬਾਈ ਬਠਿੰਡੇ ਵਾਲਿਉ ਪਤਾ ਸੀ ਥਾਨੁ ਇਸ ਮਹਾਨ ਜੋਦੈ ਬਾਰੇ ਅੱਗੇ ਤੂੰ ਹੁਣ ਜਦੋਂ ਵੀ ਫੌਜੀ ਚੋਕ ਚੋ ਲਗੋ ਤਾਂ ਸਲੂਟ ਕਰਕੇ ਜਾਇਓ ਇਸ ਮਹਾਨ ਸ਼ਹੀਦ ਨੂੰ 🇮🇳🙏
Comments
Post a Comment